ਪੰਥਕ ਮਾਮਲਿਆਂ ’ਚ ਦਖ਼ਲ ਬਰਦਾਸ਼ਤ ਨਹੀਂ: ਗੜਗੱਜ

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜੇ ਕੋਈ ਪੰਥਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰੇਗਾ ਤਾਂ ਅਕਾਲ ਤਖ਼ਤ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਬੋਲੇਗਾ ਵੀ, ਸਬੰਧਤ ਵਿਅਕਤੀਆਂ ਨੂੰ ਤਲਬ ਵੀ ਕਰੇਗਾ ਅਤੇ ਜੇ ਉਹ ਆਪਣੇ ਵਾਅਦੇ ਤੋਂ ਮੁੱਕਰਨਗੇ ਤਾਂ ਪੰਥਕ ਮਰਿਆਦਾ ਅਨੁਸਾਰ ਕਾਰਵਾਈ ਵੀ ਕੀਤੀ ਜਾਵੇਗੀ। ਮੀਰੀ ਪੀਰੀ ਖਾਲਸਾ ਮਾਰਚ ਦੇ ਗੁਰਦੁਆਰਾ ਹਾਜੀਰਤਨ ਸਾਹਿਬ, ਬਠਿੰਡਾ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਰਵਾਨਾ ਹੋਣ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੰਗਤ ਸਿੱਖ ਧਰਮ ਦਾ ਪਾਵਨ ਅਤੇ ਰੂਹਾਨੀ ਸੰਕਲਪ ਹੈ। ਇਸ ਦੀ ਤੁਲਨਾ ਕਿਸੇ ਵੀ ਸਿਆਸੀ ਇਕੱਠ ਨਾਲ ਕਰਨਾ ਗੁਰਮਤਿ ਦੇ ਸਿਧਾਂਤਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਪੰਥਕ ਮਾਮਲਿਆਂ, ਗੁਰੂ ਘਰ ਦੀ ਮਰਿਆਦਾ ਅਤੇ ਸਿੱਖ ਸੰਸਥਾਵਾਂ ਵਿੱਚ ਦਖ਼ਲਅੰਦਾਜ਼ੀ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀਂ ਕੀਤੀ ਜਾਵੇਗੀ। ਬੇਅਦਬੀ ਸਬੰਧੀ ਕਾਨੂੰਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਤਰਾਜ਼ਯੋਗ ਮੱਦਾਂ ਹਟਾਏ ਬਿਨਾਂ ਅਜਿਹਾ ਕਾਨੂੰਨ ਸਿੱਖ ਕੌਮ ਲਈ ਪ੍ਰਵਾਨਯੋਗ ਨਹੀਂ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੀਰੀ ਪੀਰੀ ਖਾਲਸਾ ਮਾਰਚ ਦਾ ਉਦੇਸ਼ ਗੁਰੂ ਸਾਹਿਬ ਦੇ ਸਿਧਾਂਤਾਂ ਦਾ ਪ੍ਰਚਾਰ ਕਰਨਾ ਹੈ, ਇਸ ਦਾ ਕੋਈ ਸਿਆਸੀ ਮਕਸਦ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਥਕ ਫ਼ੈਸਲਿਆਂ ਦਾ ਅਧਿਕਾਰ ਸਿਰਫ਼ ਅਕਾਲ ਤਖ਼ਤ ਕੋਲ ਹੈ ਅਤੇ ਇਸ ਵਿੱਚ ਸਿਆਸੀ ਦਖ਼ਲ ਪੰਥ ਦੀ ਸੁਤੰਤਰਤਾ ਲਈ ਗੰਭੀਰ ਖ਼ਤਰਾ ਹੈ।
← Back to News