World News
Published: 04 Aug 2026
ਸ਼੍ਰੋਮਣੀ ਕਮੇਟੀ ਵੱਲੋਂ ਪਾਵਨ ਸਰੂਪ ਵਿਦੇਸ਼ ਨਾ ਭੇਜਣ ਦਾ ਫ਼ੈਸਲਾ
ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਕੈਨੇਡਾ ਭੇਜਣ ਤੋਂ ਬਾਅਦ ਪੈਦਾ ਹੋਏ ਵਿਵਾਦ ਦੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਦੇ ਅਗਲੇ ਹੁਕਮ ਤੱਕ ਪਾਵਨ ਸਰੂਪ ਵਿਦੇਸ਼ ਨਾ ਭੇਜਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਅੱਜ ਕੈਨੇਡਾ ਦੇ ਵੈਨਕੁਵਰ ਅਤੇ ਲੋਅਰ ਮੇਨਲੈਂਡ ਦੀ ਸਿੱਖ ਸੰਗਤ ਵੱਲੋਂ ਭੇਜਿਆ ਗਿਆ ਸੁਝਾਅ ਪੱਤਰ ਅਕਾਲ ਤਖ਼ਤ ਦੇ ਸਕੱਤਰੇਤ ’ਚ ਸੌਂਪਿਆ ਗਿਆ। ਪੱਤਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਵਿਦੇਸ਼ ਭੇਜਣ ਸਬੰਧੀ ਆਪਣੇ ਸੁਝਾਅ ਭੇਜੇ ਗਏ ਹਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਸੱਚਖੰਡ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਮੇਜਰ ਸਿੰਘ ਅਤੇ ਸਕੱਤਰੇਤ ਇੰਚਾਰਜ ਬਗੀਚਾ ਸਿੰਘ ਨੇ ਇਹ ਪੱਤਰ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਕੈਨੇਡਾ ਦੇ ਗੁਰਦੁਆਰਿਆਂ ਦੀ ਮੰਗ ’ਤੇ ਪਾਵਨ ਬੀੜਾਂ ਕੰਟੇਨਰ ਰਾਹੀਂ ਭੇਜੀਆਂ ਗਈਆਂ ਸਨ, ਜਿਸ ਤੋਂ ਬਾਅਦ ਕੁਝ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਸਿੱਖ ਜਥੇਬੰਦੀਆਂ ਵੱਲੋਂ ਇਸ ਸਬੰਧ ਵਿੱਚ ਅਕਾਲ ਤਖ਼ਤ ’ਚ ਪੱਤਰ ਵੀ ਸੌਂਪਿਆ ਗਿਆ ਸੀ ਅਤੇ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ। ਅੱਜ ਇੱਥੇ ਪੱਤਰ ਸੌਂਪਣ ਆਏ ਸਿੱਖਾਂ ਨੂੰ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਵੱਲੋਂ ਜੋ ਸਰੂਪ ਕੈਨੇਡਾ ਭੇਜੇ ਗਏ ਹਨ, ਉਹ ਅਕਾਲ ਤਖ਼ਤ ਸਾਹਿਬ ਤੋਂ 2009 ਵਿੱਚ ਬਣੇ ਵਿਧਾਨ ਅਤੇ ਅੰਤ੍ਰਿੰਗ ਕਮੇਟੀ ਦੇ ਮਤੇ ਅਨੁਸਾਰ ਉੱਥੋਂ ਦੀ ਸੰਗਤ ਦੀ ਮੰਗ ’ਤੇ ਭੇਜੇ ਗਏ ਹਨ, ਜਿਸ ਵਿੱਚ ਕੋਈ ਬੇਅਦਬੀ ਜਾਂ ਕੁਤਾਹੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਾਵਨ ਸਰੂਪ ਵਿਦੇਸ਼ ਵਿੱਚ ਭੇਜਣ ਸਬੰਧੀ ਮੌਜੂਦਾ ਵਿਧਾਨ ਬਾਰੇ ਸੰਗਤ ਦੇ ਕੁਝ ਸੁਝਾਅ ਪੁੱਜੇ ਹਨ ਅਤੇ ਇਹ ਮਾਮਲਾ ਅਕਾਲ ਤਖ਼ਤ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਇਸ ’ਤੇ ਵਿਚਾਰ ਕਰ ਕੇ ਅਗਲੇ ਦਿਸ਼ਾ-ਨਿਰਦੇਸ਼ ਦੇਣਗੇ ਤਾਂ ਉਸ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਅਤੇ ਫ਼ਿਲਹਾਲ ਪਾਵਨ ਬੀੜਾਂ ਵਿਦੇਸ਼ ਨਹੀਂ ਭੇਜੀਆਂ ਜਾ ਰਹੀਆਂ। ਇਸ ਦੌਰਾਨ ਸਕੱਤਰ ਨੇ ਉਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਜਿਨ੍ਹਾਂ ’ਚ ਕਿਹਾ ਗਿਆ ਕਿ ਇਹ ਸਰੂਪ ਕੰਟੇਨਰ ਅਤੇ ਖਸਤਾ ਹਾਲਤ ਬੱਸ ਰਾਹੀਂ ਭੇਜੇ ਗਏ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਜਸਵਿੰਦਰ ਸਿੰਘ ਜੱਸੀ ਅਤੇ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਗੁਰਵਿੰਦਰ ਸਿੰਘ ਦੇਵੀਦਾਸਪੁਰਾ ਵੀ ਹਾਜ਼ਰ ਸਨ।
← Back to News