World News
Published: 03 Aug 2026
ਵਾਰਿਸ ਪੰਜਾਬ ਦੀ ਸਰਕਾਰ ’ਚ ਦੱਬੇ-ਕੁਚਲੇ ਲੋਕ ਭਾਈਵਾਲ ਹੋਣਗੇ: ਇਆਲੀ
ਅਕਾਲੀ ਦਲ (ਵਾਰਿਸ ਪੰਜਾਬ) ਦੇ ਸੀਨੀਅਰ ਆਗੂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਜੇ ਪੰਜਾਬ ਵਿੱਚ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਇਸ ’ਚ ਬਰਾਬਰ ਦੀ ਭਾਈਵਾਲੀ ਹੋਵੇਗੀ। ਉਹ ਪਿੰਡ ਸਿੰਘਪੁਰਾ ਮੁੰਨਣ ਵਿੱਚ ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਸਰਕਾਰ ਜਿੱਥੇ ਦੱਬੇ-ਕੁਚਲੇ ਵਰਗ ਦੇ ਲੋਕਾਂ ਨੂੰ ਭਾਗੀਦਾਰ ਬਣਾਏਗੀ, ਉੱਥੇ ਸਮਾਜ ਵਿੱਚ ਬਰਾਬਰਤਾ ਦੇ ਮੁਕੰਮਲ ਅਧਿਕਾਰ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਨੇ ਐੱਮ ਪੀ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਤੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਭ ਕੁਝ ਸਪੱਸ਼ਟ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸੂਬੇ ਨੂੰ ਨਸ਼ਾਮੁਕਤ ਕਰਨਾ, ਸੂਬੇ ਅੰਦਰੋਂ ਦਹਿਸ਼ਤ ਦਾ ਮਾਹੌਲ ਖ਼ਤਮ ਕਰਨਾ, ਮਜ਼ਦੂਰਾਂ, ਵਪਾਰੀਆਂ, ਦੁਕਾਨਦਾਰਾਂ ਅਤੇ ਕਿਸਾਨਾਂ ਸਮੇਤ ਹਰੇਕ ਵਰਗ ਦੇ ਹਿੱਤਾਂ ਦੀ ਵਾਰਿਸ ਪੰਜਾਬ ਸਰਕਾਰ ਵਿੱਚ ਰਾਖੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਦੀ ਪਵਿੱਤਰ ਧਰਤੀ ਹੈ ਪਰ ਸਿਆਸੀ ਧਿਰਾਂ ਨੇ ਇਸ ਦੀ ਪਵਿੱਤਰਤਾ ਨੂੰ ਭੰਗ ਕੀਤਾ ਹੋਇਆ ਹੈ। ਪਾਰਟੀ ਸਿੱਖ ਨੌਜਵਾਨਾਂ ਨੂੰ ਆਪਣੇ ਧਰਮ ਅਤੇ ਵਿਰਸੇ ਨਾਲ ਜੋੜਨ ਤੋਂ ਇਲਾਵਾ ਆਪਸੀ ਭਾਈਚਾਰਕ ਸਾਂਝ ਲਈ ਉਪਰਾਲੇ ਕਰ ਰਹੀ ਹੈ। ਉਨ੍ਹਾਂ ਪਾਰਟੀ ਦੇ ਹਲਕੇ ਵਿਚਲੇ ਆਗੂ ਜਸਵਿੰਦਰ ਸਿੰਘ ਸਿੱਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਲਗਾਤਾਰ ਪਾਰਟੀ ਦੀ ਮਜ਼ਬੂਤੀ ਲਈ ਸਖ਼ਤ ਮਿਹਨਤ ਕਰ ਰਹੇ ਹਨ ਜਿਸ ਸਦਕਾ ਵੱਡੀ ਗਿਣਤੀ ਵਿੱਚ ਲੋਕ ਪਾਰਟੀ ਨਾਲ ਜੁੜ ਰਹੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪੰਚਾਇਤ ਸਮਿਤੀ ਮੈਂਬਰ ਬਲਵਿੰਦਰ ਸਿੰਘ ਬੈਂਸ, ਸਾਬਕਾ ਸਰਪੰਚ ਜਗਰੂਪ ਸਿੰਘ ਅਤੇ ਕੁਲਦੀਪ ਸਿੰਘ ਆਪਣੇ ਸੈਂਕੜੇ ਸਾਥੀਆਂ ਨਾਲ ਅਕਾਲੀ ਦਲ (ਵਾਰਿਸ ਪੰਜਾਬ) ਵਿੱਚ ਸ਼ਾਮਲ ਹੋ ਗਏ। ਵਿਧਾਇਕ ਸ੍ਰੀ ਇਆਲੀ ਨੇ ਸਾਰਿਆਂ ਦਾ ਸਿਰੋਪੇ ਪਾ ਕੇ ਪਾਰਟੀ ’ਚ ਸਵਾਗਤ ਕੀਤਾ। ਇਸ ਮੌਕੇ ਕਰਮਜੀਤ ਸਿੰਘ ਰਸੂਲਪੁਰ, ਸੰਦੀਪ ਸਿੰਘ ਮੌਜਗੜ੍ਹ, ਹਰਪ੍ਰੀਤ ਸਿੰਘ ਸਮਰਾ, ਮਨਜੀਤ ਸਿੰਘ ਖਹਿਰਾ, ਬਲਜਿੰਦਰ ਸਿੰਘ ਮਹਿਰੋਂ, ਗੁਰਵੰਤ ਸਿੰਘ ਨਿਹਾਲਗੜ੍ਹ, ਬਾਬਾ ਰਘਬੀਰ ਸਿੰਘ, ਜਗਜੀਤ ਸਿੰਘ ਬੈਂਸ ਅਤੇ ਬਚਿੱਤਰ ਸਿੰਘ ਮਹਿਲ ਹਾਜ਼ਰ ਸਨ।
← Back to News