World News
Published: 29 Jul 2026
ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵੱਲ ਵਿਸ਼ਾਲ ਮਾਰਚ ਸ਼ੁਰੂ
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ‘ਬੰਦੀ ਸਿੰਘਾਂ’ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਜਥੇਬੰਦੀ ਨਾਲ ਜੁੜੇ ਆਗੂਆਂ, ਵਰਕਰਾਂ ਅਤੇ ਸਮਰਥਕਾਂ ਵੱਲੋਂ ਅੱਜ ਚੰਡੀਗੜ੍ਹ ਵਿਖੇ ਵਿਸ਼ਾਲ ਸ਼ਾਂਤਮਈ ਮਾਰਚ ਸ਼ੁਰੂ ਕਰ ਦਿੱਤਾ ਗਿਆ ਹੈ। ਮੁੱਲਾਂਪੁਰ ਦਾਖਾ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹਜ਼ਾਰਾਂ ਪ੍ਰਦਰਸ਼ਨਕਾਰੀ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਠੇ ਹੋਣ ਤੋਂ ਬਾਅਦ ਹੁਣ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ‘ਵਾਰਿਸ ਪੰਜਾਬ ਦੇ’ ਦੇ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਨੌਜਵਾਨਾਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਸੀ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਇਸ ਵਾਜਬ ਮੰਗ ਦਾ ਪੂਰਨ ਸਮਰਥਨ ਕਰਨ। ਇਯਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ (ਦਾਖਾ ਅਤੇ ਆਸ-ਪਾਸ) ਤੋਂ ਹੀ ਲਗਭਗ 500 ਵਾਹਨਾਂ ਦਾ ਵੱਡਾ ਕਾਫ਼ਲਾ ਇਸ ਸ਼ਾਂਤਮਈ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ ਸੀ। ਉਨ੍ਹਾਂ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਇਸ ਗੱਲ ’ਤੇ ਖਾਸ ਜ਼ੋਰ ਦਿੱਤਾ ਕਿ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਰਹਿਣਾ ਚਾਹੀਦਾ ਹੈ। ਉਨ੍ਹਾਂ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਅਮਨ-ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ। ਆਪਣੇ ਫੇਸਬੁੱਕ ਪੇਜ ’ਤੇ ਪਾਈ ਇੱਕ ਪੋਸਟ ਵਿੱਚ ਇਯਾਲੀ ਨੇ ਕਿਹਾ ਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣੇ “ਹੱਕਾਂ ਅਤੇ ਵਾਜਬ ਮੰਗਾਂ” ਲਈ ਆਵਾਜ਼ ਬੁਲੰਦ ਕਰਨਾ ਸਾਡਾ ਫ਼ਰਜ਼ ਹੈ, ਪਰ ਹਿੰਸਾ ਦਾ ਰਾਹ ਨਹੀਂ ਅਪਣਾਉਣਾ ਚਾਹੀਦਾ।
‘ਵਾਰਿਸ ਪੰਜਾਬ ਦੇ’ ਦੇ ਮਾਰਚ ਦੇ ਮੱਦੇਨਜ਼ਰ ਚੰਡੀਗੜ੍ਹ ਟਰੈਫ਼ਿਕ ਪੁਲੀਸ ਵੱਲੋਂ ਐਡਵਾਈਜ਼ਰੀ ਜਾਰੀ
ਬੁੱਧਵਾਰ ਨੂੰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਵੱਲੋਂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਕੱਢੇ ਜਾ ਰਹੇ ਰੋਸ ਮਾਰਚ ਦੇ ਮੱਦੇਨਜ਼ਰ ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਆਮ ਲੋਕਾਂ ਅਤੇ ਵਾਹਨ ਚਾਲਕਾਂ ਲਈ ਵਿਸ਼ੇਸ਼ ਟਰੈਫ਼ਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਸ਼ਹਿਰ ’ਚ ਸ਼ਾਂਤੀ ਅਤੇ ਟਰੈਫ਼ਿਕ ਵਿਵਸਥਾ ਬਣਾਏ ਰੱਖਣ ਲਈ ਸਵੇਰੇ 9:30 ਵਜੇ ਤੋਂ ਹੀ ਚੰਡੀਗੜ੍ਹ ਅਤੇ ਮੁਹਾਲੀ ਦੇ ਵਿਚਕਾਰਲੇ ਪ੍ਰਮੁੱਖ ਰਸਤਿਆਂ ਦੇ ਨਾਲ-ਨਾਲ ਸੈਕਟਰ-43 ਸਥਿਤ ਅੰਤਰਰਾਜੀ ਬੱਸ ਅੱਡੇ (ISBT-43) ਦੇ ਨੇੜਲੇ ਇਲਾਕਿਆਂ ’ਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਟਰੈਫ਼ਿਕ ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਯੂ.ਟੀ.-ਮੁਹਾਲੀ ਸਰਹੱਦ (ਬੁੜੈਲ ਜੇਲ੍ਹ ਦੇ ਪਿੱਛੇ) ਤੋਂ ਸੈਕਟਰ 50/51 ਚੌਂਕ ਤੱਕ, ਅਤੇ ਅੱਗੇ ਸੈਕਟਰ 50/51 ਚੌਂਕ ਤੋਂ ਸਰੋਵਰ ਪੱਥ ਦੇ ਨਾਲ-ਨਾਲ ਸੈਕਟਰ 44/45-50/51 ਚੌਂਕ (ਗਊਸ਼ਾਲਾ ਚੌਂਕ) ਸਮੇਤ ਸੈਕਟਰ 44/45 ਲਾਈਟ ਪੁਆਇੰਟ ਤੱਕ ਆਵਾਜਾਈ ਪੂਰੀ ਤਰ੍ਹਾਂ ਬੰਦ ਜਾਂ ਡਾਇਵਰਟ (ਬਦਲੀ) ਰਹੇਗੀ। ਇਸੇ ਤਰ੍ਹਾਂ, ਵਿਕਾਸ ਮਾਰਗ ’ਤੇ ਸੈਕਟਰ 43/44/51/52 ਚੌਂਕ (ISBT ਚੌਂਕ) ਤੋਂ ਸੈਕਟਰ 44/45-50/51 ਚੌਂਕ (ਗਊਸ਼ਾਲਾ ਚੌਂਕ) ਤੱਕ ਅਤੇ ਅੱਗੇ ਸੈਕਟਰ 45-46/49/50 ਚੌਂਕ ਵੱਲ ਜਾਣ ਵਾਲੀ ਸੜਕ ਸਮੇਤ ਸੈਕਟਰ 43/44 ਲਾਈਟ ਪੁਆਇੰਟ ਅਤੇ ਸੈਕਟਰ 45/46 ਲਾਈਟ ਪੁਆਇੰਟ ’ਤੇ ਵੀ ਰੂਟ ਬਦਲੇ ਗਏ ਹਨ ਅਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਸ਼ਹਿਰ ਵਿੱਚ ਜਾਮ ਦੀ ਸਥਿਤੀ ਤੋਂ ਬਚਣ ਲਈ ਬੱਸਾਂ ਨੂੰ ਵੀ ਸੈਕਟਰ-43 ਬੱਸ ਅੱਡੇ ਤੱਕ ਪਹੁੰਚਣ ਲਈ ਬਦਲੇ ਹੋਏ ਰੂਟਾਂ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਗਈ ਹੈ। ਪੁਲੀਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਭਾਵਿਤ ਰਸਤਿਆਂ ਦੀ ਵਰਤੋਂ ਕਰਨ ਤੋਂ ਬਚਣ, ਵੱਖਰੇ ਮਾਰਗ ਚੁਣਨ ਅਤੇ ਤਾਜ਼ਾ ਜਾਣਕਾਰੀ ਲਈ ਚੰਡੀਗੜ੍ਹ ਟਰੈਫ਼ਿਕ ਪੁਲੀਸ ਦੇ ਸੋਸ਼ਲ ਮੀਡੀਆ ਹੈਂਡਲਾਂ (X, Facebook ਅਤੇ Instagram - @trafficchd / @ChandigarhTrafficPolice) ’ਤੇ ਅਪਡੇਟਸ ਦੇਖਦੇ ਰਹੋ।
← Back to News