World News
Published: 24 Jul 2026
CJP Protest ਨੂੰ ਮਿਲੇਗਾ ਕਿਸਾਨਾਂ ਦਾ ਸਾਥ; SKM ਸ਼ਨਿੱਚਵਾਰ ਨੂੰ ਲੁਧਿਆਣਾ 'ਚ ਘੜੇਗਾ ਵਿਉਂਤਬੰਦੀ
ਕੌਕਰੋਚ ਜਨਤਾ ਪਾਰਟੀ (CJP) ਦੀ ਅਗਵਾਈ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਰਾਜਧਾਨੀ ਦਿੱਲੀ ਵਿੱਚ ਜਾਰੀ ਹੈ। ਇਸੇ ਦਰਮਿਆਨ ਵੱਖ-ਵੱਖ ਕਿਸਾਨ ਯੂਨੀਅਨਾਂ ਦੀ ਸਾਂਝੀ ਸੰਸਥਾ 'ਸੰਯੁਕਤ ਕਿਸਾਨ ਮੋਰਚਾ' (SKM) ਨੇ ਵੀ ਵਿਦਿਆਰਥੀਆਂ ਦੇ ਇਸ ਅੰਦੋਲਨ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ, ਜਿਸ ਬਾਰੇ ਆਗਾਮੀ ਮੀਟਿੰਗ ਵਿੱਚ ਰਸਮੀ ਫ਼ੈਸਲਾ ਲਿਆ ਜਾਵੇਗਾ। ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਅਤੇ ਕਿਸ ਹੱਦ ਤੱਕ ਸਮਰਥਨ ਦਿੱਤਾ ਜਾਵੇ, ਇਸ 'ਤੇ ਫ਼ੈਸਲਾ ਲੈਣ ਲਈ ਸ਼ਨਿੱਚਰਵਾਰ ਨੂੰ ਲੁਧਿਆਣਾ ਵਿੱਚ ਐੱਸ ਕੇ ਐੱਮ ਵੱਲੋਂ ਮੀਟਿੰਗ ਕਰਕੇ ਵਿਉਂਤਬੰਦੀ ਘੜੀ ਜਾਵੇਗੀ। ਐੱਸ ਕੇ ਐੱਮ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਨੇ 'ਟ੍ਰਿਬਿਊਨ ਸਮੂਹ' ਨੂੰ ਦੱਸਿਆ, "ਐੱਸ ਕੇ ਐੱਮ ਨਾਲ ਜੁੜੀਆਂ ਸਾਰੀਆਂ ਯੂਨੀਅਨਾਂ ਦੇ ਨੁਮਾਇੰਦੇ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ। ਖੇਤੀਬਾੜੀ ਖੇਤਰ ਦੇ ਸਾਹਮਣੇ ਮੌਜੂਦ ਹੋਰ ਚੁਣੌਤੀਆਂ ਤੋਂ ਇਲਾਵਾ, ਵਿਦਿਆਰਥੀਆਂ ਨੂੰ ਸਮਰਥਨ ਦੇਣ 'ਤੇ ਵੀ ਮੀਟਿੰਗ ਵਿੱਚ ਰਸਮੀ ਫ਼ੈਸਲਾ ਲਿਆ ਜਾਵੇਗਾ।" ਰਾਜੇਵਾਲ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਅਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਮੌਜੂਦਾ ਸਿਆਸੀ ਜਮਾਤ ਤੋਂ ਨਿਰਾਸ਼ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ “ਹੁਣ ਉਨ੍ਹਾਂ ਨੇ ਸਿਆਸਤਦਾਨਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ। ਸਚਾਈ ਇਹ ਹੈ ਕਿ ਉਹ ਸਿਰਫ਼ ਨੀਟ ਪ੍ਰੀਖਿਆ ਵਿੱਚ ਪੇਪਰ ਲੀਕ ਲਈ ਇਨਸਾਫ਼ ਨਹੀਂ ਮੰਗ ਰਹੇ, ਸਗੋਂ ਇਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਮੰਗਾਂ ਸੁਣੀਆਂ ਜਾਣ ਅਤੇ ਉਨ੍ਹਾਂ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ, ''ਹਰ ਚੀਜ਼ ਹੁਣ ਨਿੱਜੀ ਹੱਥਾਂ ਵਿੱਚ ਜਾ ਰਹੀ ਹੈ। ਹੁਣ ਸਰਕਾਰ ਅਮਰੀਕੀ ਦਬਾਅ ਅੱਗੇ ਵੀ ਝੁਕ ਰਹੀ ਹੈ ਅਤੇ ਖੇਤੀਬਾੜੀ ਖੇਤਰ ਅਮਰੀਕਾ ਨੂੰ ਥਾਲੀ 'ਚ ਪਰੋਸ ਕੇ ਦੇ ਰਹੀ ਹੈ। ਕਿਉਂਕਿ ਲੋਕਾਂ ਨਾਲ ਜੁੜੇ ਅਸਲ ਮੁੱਦੇ ਕਿਸੇ ਵੀ ਸਿਆਸੀ ਪਾਰਟੀ ਦੇ ਏਜੰਡੇ 'ਚ ਨਹੀਂ ਹਨ, ਇਸ ਲਈ ਐੱਸ ਕੇ ਐੱਮ ਸਿਰਫ਼ ਵਿਦਿਆਰਥੀਆਂ ਨਾਲ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦਾ ਹੈ ਤਾਂ ਜੋ ਸਿਆਸੀ ਪ੍ਰਬੰਧ ਨੂੰ “ਕੋਰਪੋਰੇਟ-ਪਹਿਲਾਂ ਏਜੰਡੇ” ਦੀ ਬਜਾਏ “ਲੋਕ-ਪਹਿਲਾਂ ਏਜੰਡਾ” ਰੱਖਣ ਲਈ ਕਿਹਾ ਜਾ ਸਕੇ।” ਐੱਸ ਕੇ ਐੱਮ ਮੈਂਬਰ ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤੇ ਵਿਰੁੱਧ ਪ੍ਰਦਰਸ਼ਨ ਨੂੰ ਅੱਗੇ ਵਧਾਉਣ ਅਤੇ ਪੰਜਾਬ ਨੂੰ ਉਸ ਦੇ ਰਿਪੇਰੀਅਨ ਹੱਕਾਂ ਅਨੁਸਾਰ ਨਦੀਆਂ ਦੇ ਪਾਣੀ ਦਾ ਹਿੱਸਾ ਦੇਣ ਲਈ ਸਰਕਾਰ 'ਤੇ ਦਬਾਅ ਬਣਾਉਣ ਦੇ ਤਰੀਕਿਆਂ 'ਤੇ ਵੀ ਵਿਚਾਰ-ਵਟਾਂਦਰਾ ਕਰਨਗੇ।
← Back to News