World News
Published: 08 Jun 2026
ਕੇਂਦਰ ਅਤੇ ਸੂਬਾ ਸਰਕਾਰਾਂ ਖ਼ਿਲਾਫ਼ ਮੁਜ਼ਾਹਰੇ ਅੱਜ
ਯੂਰੀਆ ਦੀ ਘਾਟ, ਮਹਿੰਗਾਈ, ਭਾਰਤ-ਅਮਰੀਕਾ ਸਮਝੌਤਾ ਆਦਿ ਮਾਮਲਿਆਂ ਬਾਰੇ ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਪੰਜਾਬ ਸਣੇ ਪੰਜ ਸੂਬਿਆਂ ਵਿੱਚ ਅੱਠ ਜੂਨ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਖ਼ਿਲਾਫ਼ ਮੁਜ਼ਾਹਰੇ ਕੀਤੇ ਜਾਣਗੇ ਅਤੇ ਪੁਤਲੇ ਸਾੜੇ ਜਾਣਗੇ। ਜਥੇਬੰਦੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਗਵਾਲੀਅਰ ਵਿੱਚ ਹੋਈ ਜਥੇਬੰਦੀ ਦੀ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਸੀ ਕਿ ਇਨ੍ਹਾਂ ਮੁੱਦਿਆਂ ’ਤੇ ਅੱਠ ਜੂਨ ਨੂੰ ਦੇਸ਼ ਭਰ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਖ਼ਿਲਾਫ਼ ਮੁਜ਼ਾਹਰੇ ਕੀਤੇ ਜਾਣਗੇ। ਅਮਰੀਕਾ-ਇਰਾਨ ਜੰਗ ਕਾਰਨ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਭਵਿੱਖ ਵਿੱਚ ਭਾਵੇਂ ਇਹ ਕੀਮਤਾਂ ਘਟ ਵੀ ਜਾਣ ਪਰ ਭਾਰਤ ਵਿੱਚ ਇਹ ਕੀਮਤਾਂ ਘਟਣ ਵਾਲੀਆਂ ਨਹੀਂ ਹਨ। ਇਸ ਕਾਰਨ ਵਧੀ ਮਹਿੰਗਾਈ ਦਾ ਬੋਝ ਆਮ ਆਦਮੀ ’ਤੇ ਪਵੇਗਾ। ਇਸੇ ਕਾਰਨ ਯੂਰੀਆ ਖਾਦ ਵਿੱਚ ਵੀ ਕਮੀ ਆਈ ਹੈ। ਖਾਦ ਵਿਕਰੇਤਾ ਯੂਰੀਆ ਨਾਲ ਹੋਰ ਗ਼ੈਰ-ਜ਼ਰੂਰੀ ਚੀਜ਼ਾਂ ਵੇਚ ਰਹੇ ਹਨ। ਭਾਰਤ-ਅਮਰੀਕਾ ਸਮਝੌਤੇ ਦੇ ਮਾਮਲੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਹੋਣ ਵਾਲੇ ਸਮਝੌਤੇ ਦਾ ਅਮਰੀਕਾ ਨੂੰ ਲਾਭ ਹੋਵੇਗਾ। ਇਹ ਸਮਝੌਤਾ ਭਾਰਤ ਦੇ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ। ਕਈ ਸੂਬਿਆਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਜਬਰੀ ਐਕੁਆਇਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਮੁੱਦਿਆਂ ’ਤੇ 8 ਜੂਨ ਨੂੰ ਪੰਜਾਬ ਸਣੇ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਬਿਹਾਰ ਵਿੱਚ ਮੁਜ਼ਾਹਰੇ ਕੀਤੇ ਜਾਣਗੇ। ਪੰਜਾਬ ਵਿੱਚ ਲਗਪਗ 17 ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ।
← Back to News