World News
Published: 10 May 2026
ਮੁੱਖ ਮੰਤਰੀ ਦੀ ਕੋਠੀ ਅੱਗੇ ਵੋਕੇਸ਼ਨਲ ਅਧਿਆਪਕਾਂ ਦਾ ਮੁਜ਼ਾਹਰਾ
ਪੰਜਾਬ ਭਰ ਦੇ ਸੈਂਕੜੇ ਵੋਕੇਸ਼ਨਲ ਅਧਿਆਪਕਾਂ ਨੇ ਐੱਨ ਐੱਸ ਕਿਊ ਐੱਫ ਵੋਕੇਸ਼ਨਲ ਟੀਚਰਜ਼ ਫਰੰਟ ਪੰਜਾਬ ਦੀ ਅਗਵਾਈ ਹੇਠ ਰੋਸ ਮਾਰਚ ਕਰਦਿਆਂ ਮੁੱਖ ਮੰਤਰੀ ਦੀ ਕੋਠੀ ਅੱਗੇ ਪੁੱਜ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ’ਤੇ ਵਾਅਦਿਆਂ ਤੋਂ ਮੁੱਕਰਨ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਵੋਕੇਸ਼ਨਲ ਅਧਿਆਪਕ ਤਨਖਾਹ ਵਿਚ ਵਾਧਾ ਕਰਨ ਅਤੇ ਸਿੱਖਿਆ ਵਿਭਾਗ ਵਿਚ ਮਰਜ਼ ਕਰਕੇ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਸਨ। ਐੱਨ ਐੱਸ ਕਿਊ ਐੱਫ ਵੋਕੇਸ਼ਨਲ ਟੀਚਰਜ਼ ਫਰੰਟ ਦੀ ਅਗਵਾਈ ਹੇਠ ਵੱਖ ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ’ਚ ਵੋਕੇਸ਼ਨਲ ਅਧਿਆਪਕ ਅੱਜ ਕੌਮੀ ਹਾਈਵੇਅ-7 ਦੇ ਪਟਿਆਲਾ-ਸੰਗਰੂਰ ਬਾਈਪਾਸ ਓਵਰਬ੍ਰਿਜ ਹੇਠਾਂ ਇਕੱਠੇ ਹੋਏ ਜਿੱਥੇ ਰੋਸ ਰੈਲੀ ਕੀਤੀ ਗਈ। ਬਾਅਦ ਦੁਪਹਿਰ ਸੈਂਕੜੇ ਅਧਿਆਪਕ ਰੋਸ ਮਾਰਚ ਕਰਦਿਆਂ ਜਿਉਂ ਹੀ ਮੁੱਖ ਮੰਤਰੀ ਦੀ ਕੋਠੀ ਵੱਲ ਵਧੇ ਤਾਂ ਭਾਰੀ ਪੁਲੀਸ ਫੋਰਸ ਨੇ ਨਾਕਾਬੰਦੀ ਕਰਕੇ ਉਨ੍ਹਾਂ ਨੂੰ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਅੱਗੇ ਰੋਕ ਲਿਆ ਜਿੱਥੇ ਅਧਿਆਪਕਾਂ ਵੱਲੋਂ ਸਰਕਾਰ ਖਿਲਾਫ਼ ਧਰਨਾ ਦਿੱਤਾ ਗਿਆ। ਫਰੰਟ ਦੇ ਸੂਬਾ ਕਮੇਟੀ ਮੈਂਬਰ ਰਣਜੀਤ ਸਿੰਘ ਬਰਨਾਲਾ, ਭੁਪਿੰਦਰ ਸਿੰਘ ਰੋਪੜ, ਰਣਜੀਤ ਸਿੰਘ ਨਵਾਂਸ਼ਹਿਰ, ਗੁਰਜੀਤ ਸਿੰਘ ਬਠਿੰਡਾ, ਸੁਖਰਾਜਵੀਰ ਸਿੰਘ ਤਰਨ ਤਾਰਨ, ਮਹਿਤਾਬ ਸਿੰਘ ਫਿਰੋਜ਼ਪੁਰ, ਮਨਪ੍ਰੀਤ ਸਿੰਘ ਮੁਕਤਸਰ, ਨਵਨੀਤ ਕੌਰ ਪਟਿਆਲਾ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 3670 ਵੋਕੇਸ਼ਨਲ ਅਧਿਆਪਕ ਸੇਵਾਵਾਂ ਨਿਭਾ ਰਹੇ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਆਊਟਸੋਰਸ ਕੀਤਾ ਹੈ ਜਾਂ ਕੰਪਨੀਆਂ ਅਧੀਨ ਭਰਤੀ ਕੀਤਾ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ 12 ਸਾਲਾਂ ਤੋਂ ਵੱਧ ਸਮੇਂ ਇਹ ਕੰਪਨੀਆਂ ਵੋਕੇਸ਼ਨਲ ਅਧਿਆਪਕਾਂ ਦਾ ਸੋਸ਼ਣ ਕਰ ਰਹੀਆਂ ਹਨ। ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨਾਲ ਅਣਗਿਣਤ ਮੀਟਿੰਗਾਂ ਕਰਨ ਦੇ ਬਾਵਜੂਦ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਸਗੋਂ ਲਗਾਤਾਰ ਲਾਰੇ-ਲੱਪੇ ਵਾਲੀ ਨੀਤੀ ਅਪਣਾ ਕੇ ਡੰਗ ਸਾਰਿਆ ਜਾ ਰਿਹਾ ਹੈ ਜਿਸ ਕਾਰਨ ਵੋਕੇਸ਼ਨਲ ਅਧਿਆਪਕਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਾਈਵੇਟ ਕੰਪਨੀਆਂ ਨੂੰ ਪੱਕੇ ਤੌਰ ’ਤੇ ਬਾਹਰ ਕੱਢ ਕੇ ਵੋਕੇਸ਼ਨਲ ਅਧਿਆਪਕਾਂ ਦਾ ਸਿੱਖਿਆ ਵਿਭਾਗ ਵਿਚ ਰਲੇਵਾਂ ਕੀਤਾ ਜਾਵੇ ਅਤੇ ਸੇਵਾਵਾਂ ਰੈਗੂਲਰ ਕੀਤੀਆਂ ਜਾਣ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੁੱਖ ਮੰਤਰੀ ਦੇ ਪਿੰਡ ਸਤੌਜ ਵਿਚ ਧਰਨਾ ਲਗਾਇਆ ਜਾਵੇਗਾ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਰੰਟ ਦੀ ਕੈਬਨਿਟ ਸਬ-ਕਮੇਟੀ ਨਾਲ 19 ਮਈ ਨੂੰ ਚੰਡੀਗੜ੍ਹ ’ਚ ਮੀਟਿੰਗ ਤੈਅ ਕਰਵਾਈ ਗਈ ਜਿਸ ਮਗਰੋਂ ਰੋਸ ਪ੍ਰਦਰਸ਼ਨ ਸਮਾਪਤ ਹੋਇਆ।
← Back to News