World News
Published: 27 Apr 2026
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਪੰਥਕ ਇਕੱਤਰਤਾ
ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ ਨੇ ਕਿਹਾ ਹੈ ਕਿ ਪੰਜਾਬ ਨੂੰ ਨਸ਼ਿਆਂ, ਗੈਂਗਸਟਰਵਾਦ, ਲੁੱਟਾਂ-ਖੋਹਾਂ ਅਤੇ ਬੇਰੁਜ਼ਗਾਰੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਸੱਤਾ ਵਿੱਚ ਲਿਆਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਸੂਬੇ ਅੰਦਰ ਅਗਲੀ ਸਰਕਾਰ ਬਣਨੀ ਦੇਖਣਾ ਚਾਹੁੰਦੇ ਹਨ। ਉਹ ਇੱਥੇ ਮੁੰਡੀਆਂ ਕਲਾਂ 33 ਫੁੱਟਾ ਰੋਡ ’ਤੇ ਪਾਰਟੀ ਦੀ ਵਿਸ਼ਾਲ ਪੰਥਕ ਇਕੱਤਰਤਾ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਅੰਮ੍ਰਿਤਪਾਲ ਸਿੰਘ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੋਣਗੇ ਅਤੇ ਦੋ ਉਪ ਮੁੱਖ ਮੰਤਰੀ ਬਣਾਏ ਜਾਣਗੇ, ਜੋ ਹਿੰਦੂ ਅਤੇ ਦਲਿਤ ਭਾਈਚਾਰੇ ਨਾਲ ਸਬੰਧਤ ਹੋਣਗੇ। ਉਨ੍ਹਾਂ ਕਿਹਾ ਕਿ ਪਾਰਟੀ ਸਮਾਜ ਦੇ ਸਾਰੇ ਵਰਗਾਂ ਦੀ ਭਾਗੀਦਾਰੀ ਵਿੱਚ ਭਰੋਸਾ ਰੱਖਦੀ ਹੈ। ਉਨ੍ਹਾਂ ਲੁਭਾਉਣੇ ਵਾਅਦੇ ਕਰ ਕੇ ਸੱਤਾ ’ਚ ਆਉਣ ਵਾਲੀਆਂ ਪਾਰਟੀਆਂ ’ਤੇ ਵੀ ਤਨਜ਼ ਕੱਸਿਆ, ਜਿਨ੍ਹਾਂ ਤੋਂ ਹੁਣ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂਆਂ ਪਰਮਜੀਤ ਸਿੰਘ ਜੌਹਲ, ਪ੍ਰਿਥੀਪਾਲ ਸਿੰਘ ਬਟਾਲਾ, ਜਸਵੰਤ ਸਿੰਘ ਚੀਮਾ, ਰੋਸ਼ਨ ਸਿੰਘ ਸਾਗਰ, ਰਾਜੀਵ ਕੁਮਾਰ ਲਵਲੀ, ਸੰਦੀਪ ਸਿੰਘ ਰੁਪਾਲੋਂ ਅਤੇ ਗੁਰਪ੍ਰੀਤ ਸਿੰਘ ਸੋਨੂੰ ਨੇ ਕਿਹਾ ਕਿ ਅੱਜ ਦਾ ਇਕੱਠ ਸਾਫ਼ ਤੌਰ ’ਤੇ ਦਰਸਾ ਰਿਹਾ ਹੈ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ’ਚ ਪੰਥਕ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਤੀ ਲਗਾਤਾਰ ਸਮਰਥਨ ਵਧ ਰਿਹਾ ਹੈ। ਇਸ ਮੌਕੇ ਐਡਵੋਕੇਟ ਇੰਦਰਜੀਤ ਸਿੰਘ, ਜਸਬੀਰ ਸਿੰਘ ਲੁਧਿਆਣਾ, ਸ਼ੁਭਮ ਸ਼ਰਮਾ, ਸੁਰਜੀਤ ਸਿੰਘ, ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ, ਕਮਲਜੀਤ ਸਿੰਘ, ਜੁਗਰਾਜ ਸਿੰਘ, ਨਰਿੰਦਰ ਸਿੰਘ, ਮਨਜਿੰਦਰ ਪਾਲ ਸਿੰਘ, ਗੁਰਲਾਲ ਸਿੰਘ, ਲਖਵਿੰਦਰ ਸਿੰਘ, ਜਗਰੂਪ ਸਿੰਘ, ਕਿਰਪਾਲ ਸਿੰਘ, ਪ੍ਰਗਟ ਸਿੰਘ ਅਤੇ ਅਵਤਾਰ ਸਿੰਘ ਹਾਜ਼ਰ ਸਨ।
← Back to News